ਪੰਜਾਬ ਹੋਮਗਾਰਡਜ਼ ਦੇ ਅਧਿਕਾਰੀਆ ਨੇ ਅਣਸੁਖਾਵੀਂਆਂ ਘਟਨਾਵਾਂ ਮੌਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ
ਅਹਿਤਿਹਾਤ ਦੇ ਤੌਰ ‘ਤੇ ਸਿਵਲ ਡਿਫੈਂਸ ਬਾਰੇ ਜਾਣਕਾਰੀ ਦਿੱਤੀ

ਫਤਹਿਗੜ੍ਹ ਸਾਹਿਬ, 7 ਮਈ –
ਪੰਜਾਬ ਹੋਮਗਾਰਡਜ਼ ਦੇ ਡੀਜੀਪੀ ਸੰਜ਼ੀਵ ਕਾਲੜਾ ਦੀਆਂ ਹਦਾਇਤਾਂ ਅਤੇ ਕਮਾਂਡੈਂਟ ਡਾ.ਅਜੇਪਾਲ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬ ਹੋਮਗਾਰਡਜ਼ ਦੇ ਇੰਸਪੈਕਟਰ ਸੰਤੋਖ ਸਿੰਘ ਚੌਹਾਨ ਅਤੇ ਇੰਸ. ਗੁਰਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਹਿਤਿਹਾਤ ਦੇ ਤੌਰ ‘ਤੇ ਸਿਵਲ ਡਿਫੈਂਸ ਬਾਰੇ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਈ ਇਸ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਇੰਸਪੈਕਟਰ ਸੰਤੋਖ ਸਿੰਘ ਚੌਹਾਨ ਨੇ ਦੱਸਿਆ ਕਿ ਅਣਸੁਖਾਵੀਂਆਂ ਘਟਨਾਵਾਂ ਵਾਪਰਨ ਦੀ ਸਥਿਤੀ ਵਿੱਚ ਸੀਮਤ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਿਵਲ ਡਿਫੈਂਸ ਦੀ ਅਹਿਮੀਅਤ ਬਾਰੇ ਵੀ ਦੱਸਿਆ ਤੇ ਕਿਹਾ ਕਿ ਸੰਕਟਕਾਲੀਨ ਸਥਿਤੀ ਵਿੱਚ ਜਖਮੀਆਂ ਨੂੰ ਫੌਰੀ ਮੁਢਲੀ ਸਹਾਇਤਾ ਜਾਂ ਹੋਰ ਐਮਰਜੈਂਸੀ ਸੇਵਾਵਾਂ ਕਿਵੇਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਲੋਕ ਹਿਤ ਸਮੇਂ ਸਰਕਾਰ ਦੀਆਂ ਹਦਾਇਤਾਂ ‘ਤੇ ਕੀਤੇ ਜਾਣ ਵਾਲੇ ਬਲੈਕ ਆਊਟ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ।
ਇਸ ਮੌਕੇ ਇੰਸਪੈਕਟਰ ਗੁਰਿੰਦਰ ਸਿੰਘ ਨੇ ਸੰਕਟਮਈ ਸਥਿਤੀਆਂ ਮੌਕੇ ਵਜਾਏ ਜਾਣ ਵਾਲੇ ਸਾਇਰਨ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਹੋਮਗਾਰਡਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਇਸ ਦੌਰਾਨ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਿਨ੍ਹਾਂ ਤੱਥਾਂ ਤੋਂ ਵਟਸਐਪ ‘ਤੇ ਆਉਣ ਵਾਲੀਆਂ ਜਾਣਕਾਰੀਆਂ ਅੱਗੇ ਨਾ ਭੇਜੀਆਂ ਜਾਣ।